ਓਟਾਵਾ — ਕੈਨੇਡਾ ਦੇ ਨਿਊ ਬਰਨਜ਼ਵਿਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊਫਾਊਂਡਲੈਂਡ ਐਂਡ ਲੈਬਰੇਡਾਰ ਰਾਜਾਂ ਵੱਲੋਂ ਨਵੇਂ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਸਾਂਝੇ ਤੌਰ ‘ਤੇ ‘ਐਟਲਾਂਟਿਕ ਇੰਮੀਗ੍ਰੇਸ਼ਨ ਪਾਇਲਟ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਰਾਜਾਂ ਦੀ ਕੁਲ ਆਬਾਦੀ 23 ਲੱਖ ਬਣਦੀ ਹੈ ਜਿਹੜੀ ਕੈਨੇਡਾ ਦੀ ਆਬਾਦੀ ਦਾ ਸਿਰਫ 6.6 ਫੀਸਦੀ ਹਿੱਸਾ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ ਐਟਲਾਂਟਿਕ ਸੂਬਿਆਂ ‘ਚ 65 ਸਾਲ ਜਾਂ ਇਸ ਤੋਂ ਵਧ ਉਮਰ ਦੇ ਲੋਕਾਂ ਦੀ ਗਿਣੀ 19.8 ਫੀਸਦੀ ਹੈ ਜਿਹੜੀ ਇਕ ਦਹਾਕੇ ਪਹਿਲਾਂ 14.6 ਫੀਸਦੀ ਦਰਜ ਕੀਤੀ ਗਈ ਸੀ।
ਦੂਜੇ ਪਾਸੇ ਐਲਬਰਟਾ ‘ਚ ਬਜ਼ੁਰਗਾਂ ਦੀ ਗਿਣਤੀ 12 ਫੀਸਦੀ ਅਤੇ ਕੈਨੇਡਾ ਦੇ ਬਾਕੀ ਹਿੱਸਿਆਂ ‘ਚ 16.9 ਫੀਸਦੀ ਹੈ। ਨਿਊ ਬਰਨਜ਼ਵਿਕ ਸੂਬੇ ਦੀ ਕੁਲ ਆਬਾਦੀ ਵਧਣ ਦੀ ਬਜਾਏ 0.5 ਫੀਸਦੀ ਹੇਠਾਂ ਆ ਗਈ। ਭਾਵ ਸੂਬੇ ‘ਚ ਮੌਤਾਂ ਦੀ ਦਰ ਦੇ ਜਨਮ ਦਰ ਨੂੰ ਪਛਾੜ ਦਿੱਤਾ ਹੈ। ਇੰਮੀਗ੍ਰੇਸ਼ਨ ਬਾਰੇ ਇਕ ਪਾਰਲੀਮਾਨੀ ਕਮੇਟੀ ਦੀ ਰਿਪੋਰਟ ਮੁਤਾਬਕ ਇਹ ਭਾਣਾ ਕੈਨੇਡੀਅਨ ਇਤਿਹਾਸ ‘ਚ ਪਹਿਲੀ ਵਾਰ ਵਾਪਰਿਆ ਹੈ। ਐਟਲਾਂਟਿਕ ਪ੍ਰੋਵਿੰਸ ਇਕੋਨਾਮਿਕ ਕੌਂਸਲ ਦੇ ਮੁਖੀ ਫਿਨ ਪੋਸ਼ਮੈਨ ਨੇ ਕਿਹਾ ਕਿ ਨਵੇਂ ਆਉਣ ਵਾਲੇ ਪ੍ਰਵਾਸੀ ਉਥੇ ਹੀ ਵਸਣਾ ਚਾਹੁੰਦੇ ਹਨ ਜਿੱਥੇ ਸੰਘਣੀ ਆਬਾਦੀ ਹੈ ਅਤੇ ਪ੍ਰਵਾਸੀ ਵੀ ਵੱਡੀ ਗਿਣਤੀ ‘ਚ ਰਹਿੰਦੇ ਹਨ।
ਇਹ ਰੁਝਾਨ ਬਦਲਣ ਲਈ ਸਾਨੂੰ ਨਵੇਂ ਤਰੀਕੇ ਖੋਜਣੇ ਹੋਣਗੇ। ਸਾਡੇ ਰੁਜ਼ਗਾਰਦਾਤਾਵਾਂ ਨੂੰ ਹੁਨਰਮੰਦ ਕਾਮਿਆਂ ਦੀ ਸਖਤ ਜ਼ਰੂਰਤ ਹੈ, ਭਾਵੇਂ ਇਹ ਸੀਅਫੂਡ ਸੈਕਟਰ ਹੋਵੇ ਜਾਂ ਤਕਨੀਕੀ ਕੰਪਨੀਆਂ ਅਤੇ ਜਾਂ ਫਿਰ ਵਿੱਤੀ ਸੇਵਾਵਾਂ ਦੇਣ ਵਾਲੇ ਅਦਾਰੇ। ਉਹ ਵੱਧ ਤਨਖਾਹ ਦੇਣ ਲਈ ਵੀ ਤਿਆਰ ਹਨ ਪਰ ਬਿਨੈਕਾਰ ਹੀ ਨਹੀਂ ਮਿਲ ਰਹੇ। ਫੈਡਰਲ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਮਾਰਚ ‘ਚ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਗਰਾਮ ਤਹਿਤ ਇਨ੍ਹਾਂ ਚਾਰ ਸੂਬਿਆਂ ਦੇ ਰੁਜ਼ਗਾਰਦਾਤਾਵਾਂ ਨੂੰ ਕਿਤਰੀ ਬਾਜ਼ਾਰ ਦੇ ਮੁਲਾਂਕਣ ਤੋਂ ਬਗੈਰ ਪ੍ਰਵਾਸੀਆਂ ਜਾਂ ਕੌਮਾਂਤਰੀ ਵਿਦਿਆਰਥੀਆਂ ਦੀ ਭਰਤੀ ਕਰਨ ਦੀ ਛੋਟ ਦਿੱਤੀ ਗਈ ਹੈ। ਰੁਜ਼ਗਾਰਦਾਤਾਵਾਂ ਲਈ ਲਾਜ਼ਮੀ ਹੈ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਤਹਿਤ ਪ੍ਰਸਤਾਵਤ ਪ੍ਰਵਾਸੀਆਂ ਦੇ ਵਸੇਬੇ ਦੀ ਯੋਜਨਾ ਤਿਆਰ ਕਰਨ। ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਭਾਸ਼ਾ ਸਿਖਲਾਈ, ਚਾਈਲਡ ਕੇਅਰ ਅਤੇ ਬੱਚਿਆਂ ਦੀ ਸਿੱਖਿਆ ਵਰਗੇ ਕੰਮ ਸਭ ਤੋਂ ਪਹਿਲਾਂ ਕਰਨੇ ਪੈਂਦੇ ਹਨ।
‘ਐਟਲਾਂਟਿਕ ਇੰਮੀਗ੍ਰੇਸ਼ਨ ਪਾਇਲਟ’ ਪ੍ਰੋਗਰਾਮ 2018 ਦੇ ਅਖੀਰ ਤੱਕ 2 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਸੱਦਿਆ ਜਾ ਸਕਦਾ ਹੈ ਪਰ 2020 ਤੱਕ ਇਹ ਗਿਣਤੀ ਵਧਾ ਕੇ 4 ਹਜ਼ਾਰ ਕਰ ਦਿੱਤੀ ਜਾਵੇਗੀ। ਇੰਮੀਗ੍ਰੇਸ਼ਨ ਕੈਨੇਡਾ ਮੁਤਾਬਕ ਐਟਲਾਂਟਿਕ ਸੂਬਿਆਂ ਦੇ 650 ਤੋਂ ਵਧ ਰੁਜ਼ਗਾਰਦਾਤਾ ਇਸ ਪਾਇਲਟ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਨਾਮਜ਼ਦ ਕੀਤੇ ਗਏ ਹਨ।
ਨਿਊ ਬਰਨਜ਼ਵਿਕ ਦੀ ਬਹੁਸਭਿਆਚਾਰਕ ਕੌਂਸਲ ਦੇ ਅਲੈਕਸ ਲੀਬਲੈਂਕ ਨੇ ਕਿਹਾ ਕਿ ਐਟਲਾਂਟਿਕ ਸੂਬਿਆਂ ‘ਚ ਉਤਰੀ ਅਮਰੀਕਾ ਦੀਆਂ ਬਿਹਤਰੀਨ ਥਾਵਾਂ ਮੌਜੂਦ ਹਨ। ਇਥੇ ਰਹਿਣ-ਸਹਿਣ ਦਾ ਖਰਚਾ ਵੀ ਘੱਟ ਹੈ ਅਤੇ ਤੁਸੀਂ ਆਪਣੇ ਮਕਾਨ ਦੇ ਮਾਲਕ ਬਣ ਸਕਦੇ ਹੋ। ਦਫਤਰ ਤੋਂ ਘਰ ਆਉਣ-ਜਾਣ ‘ਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਦੇ ਮਨ ‘ਚ ਧਾਰਨ ਬਣ ਚੁੱਕੀ ਹੈ ਕਿਊਬਕ ‘ਤੇ ਆ ਕੇ ਕੈਨੇਡਾ ਖਤਮ ਹੋ ਜਾਂਦਾ ਹੈ।